ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ, ਐੱਸ.ਏ.ਐੱਸ. ਨਗਰ ਪੁਲਸ ਨਾਲ ਸਾਂਝੇ ਆਪਰੇਸ਼ਨ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ .32 ਬੋਰ ਦੇ ਦੋ ਪਿਸਤੌਲਾਂ ਅਤੇ ਸੱਤ ਕਾਰਤੂਸਾਂ ਨੂੰ ਬਰਾਮਦ ਕੀਤਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ, ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ (ਡੀ.ਜੀ.ਪੀ.) ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਐੱਸ.ਏ.ਐੱਸ. ਨਗਰ ਦੇ ਪਿੰਡ ਮਹਿਮਦਪੁਰ ਦੇ ਵਸਨੀਕ ਹਰਿੰਦਰ ਸਿੰਘ ਅਤੇ ਐੱਸ.ਏ.ਐੱਸ. ਨਗਰ ਦੇ ਵਰਾਣਾ ਦੇ ਵਾਸੀ ਗੁਰਜਿੰਦਰ ਸਿੰਘ ਵਜੋਂ ਹੋਈ ਹੈ।
ਐੱਸ.ਏ.ਐੱਸ. ਨਗਰ ਦੇ ਸੀਨੀਅਰ ਸੁਪਰਡੈਂਡੈਂਟ ਆਫ ਪੁਲਸ (ਐੱਸ.ਐੱਸ.ਪੀ.) ਦੀਪਕ ਪਾਰੀਕ ਨੇ ਦੱਸਿਆ ਕਿ ਪੁਲਸ ਟੀਮਾਂ ਨੂੰ ਭਰੋਸੇਮੰਦ ਸੂਚਨਾ ਮਿਲੀ ਸੀ ਕਿ ਲਾਲਾ ਬੈਨੀਪਾਲ ਨੇ ਆਪਣੇ ਗਰੋਹ ਦੇ ਮੈਂਬਰਾਂ ਨੂੰ ਟ੍ਰਾਈਸਿਟੀ ਵਿੱਚ ਅਪਰਾਧਿਕ ਗਤੀਵਿਧੀਆਂ ਕਰਨ ਦਾ ਕੰਮ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ, ਏਜੀਟੀਐੱਫ ਅਤੇ ਐੱਸ.ਏ.ਐੱਸ. ਨਗਰ ਪੁਲਸ ਦੀਆਂ ਸਾਂਝੀਆਂ ਟੀਮਾਂ ਨੇ ਮੁਲਜ਼ਮਾਂ ਨੂੰ ਟਰੇਸ ਕਰਕੇ ਫੋਕਲ ਪੁਆਇੰਟ, ਮੁਬਾਰਕਪੁਰ ਦੇ ਨੇੜੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰਿੰਦਰ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਦੇ ਖਿਲਾਫ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਨਾਲ ਸਬੰਧਤ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਹੋਰ ਸਾਥੀਆਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਅਗਲੀ ਜਾਂਚ ਜਾਰੀ ਹੈ। ਇਸ ਸਬੰਧੀ ਐੱਸ.ਏ.ਐੱਸ. ਨਗਰ ਥਾਣਾ ਡੇਰਾਬਸੀ ਵਿੱਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 111 ਅਤੇ ਅਸਲਾ ਐਕਟ ਦੀ ਧਾਰਾ 25(6)(7) ਅਤੇ 27 ਤਹਿਤ ਐੱਫਆਈਆਰ ਨੰਬਰ 354 ਮਿਤੀ 25/11/2024 ਅਧੀਨ ਕੇਸ ਦਰਜ ਕੀਤਾ ਗਿਆ ਹੈ।







Leave a Reply