ਸੁਖਬੀਰ ਬਾਦਲ ‘ਤੇ ਹਮਲਾ: ਗੋਲ਼ੀ ਚਲਾਉਣ ਵਾਲੇ ਨਾਰਾਇਣ ਸਿੰਘ ਚੌੜਾ ਦੀ ਹੋਈ ਪਛਾਣ

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਸੇਵਾ ਨਿਭਾਉਂਦੇ ਹੋਏ ਸੁਖਬੀਰ ਸਿੰਘ ਬਾਦਲ ‘ਤੇ ਜਾਨਲੇਵਾ ਹਮਲਾ ਹੋਇਆ। ਹਮਲਾਵਰ ਨਾਰਾਇਣ ਸਿੰਘ ਚੌੜਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਸੇਵਾਦਾਰਾਂ ਨੇ ਉਨ੍ਹਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਘਟਨਾ ਦੌਰਾਨ ਭਾਵੇਂ ਗੋਲੀ ਚਲਾਈ ਗਈ, ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋਇਆ।

ਕੌਣ ਹੈ ਨਾਰਾਇਣ ਸਿੰਘ ਚੌੜਾ?

ਨਾਰਾਇਣ ਸਿੰਘ ਚੌੜਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਿੰਡ ਚੌਰਾ ਦਾ ਵਸਨੀਕ ਹੈ। ਚੌੜਾ ਦੇ ਗਰਮਖਿਆਲੀ ਸੰਗਠਨਾਂ ਜਿਵੇਂ ਕਿ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਜੁੜੇ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ। ਉਸ ਦਾ ਜਨਮ 4 ਅਪ੍ਰੈਲ 1956 ਨੂੰ ਪਿੰਡ ਚੌਰਾ ਵਿੱਚ ਹੋਇਆ ਸੀ।

2013 ਵਿੱਚ ਚੌੜਾ ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਉਸਦੇ ਸਾਥੀਆਂ ਸੁਖਦੇਵ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਪੰਡੋਰੀ ਪਿੰਡ ਤੋਂ ਫੜਿਆ ਗਿਆ। ਪੁਲਿਸ ਨੇ ਮੁਹਾਲੀ ਦੇ ਪਿੰਡ ਕੁਰਾਲੀ ਤੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਬਰਾਮਦੀ ਦਾ ਦਾਅਵਾ ਵੀ ਕੀਤਾ।

ਉਸ ‘ਤੇ ਵਿਸਫੋਟਕ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਅਧੀਨ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਕਈ ਕੇਸ ਦਰਜ ਹਨ। ਚੌੜਾ 1984 ਵਿੱਚ ਪਾਕਿਸਤਾਨ ਚਲਾ ਗਿਆ ਸੀ, ਜਿਥੇ ਕਥਿਤ ਤੌਰ ‘ਤੇ ਉਸ ਨੇ ਗੁਰੀਲਾ ਯੁੱਧ ਦੀ ਤਿਆਰੀ ਅਤੇ ਹਥਿਆਰਾਂ ਦੀ ਤਸਕਰੀ ‘ਚ ਭਾਗ ਲਿਆ।

ਪਾਕਿਸਤਾਨ ਰਹਿੰਦਿਆਂ, ਚੌੜਾ ਨੇ ਕਥਿਤ ਤੌਰ ‘ਤੇ ਗੁਰੀਲਾ ਯੁੱਧ ਅਤੇ “ਦੇਸ਼-ਧ੍ਰੋਹੀ” ਸਾਹਿਤ ‘ਤੇ ਕਿਤਾਬ ਵੀ ਲਿਖੀ। ਉਹ ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਵੀ ਸ਼ਾਮਲ ਰਿਹਾ।

ਪੁਲਿਸ ਵੱਲੋਂ ਅਗਲੇਰੀ ਕਾਰਵਾਈ

ਪੁਲਿਸ ਨੇ ਚੌੜਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲੇ ਦੇ ਪਿੱਛੇ ਦੇ ਕਾਰਨ ਅਤੇ ਨਰਸਿੰਘ ਦੇ ਸੰਬੰਧਾਂ ਦੀ ਖੋਜ ਜਾਰੀ ਹੈ।

Leave a Reply

Your email address will not be published. Required fields are marked *