ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੱਜਕੱਲ੍ਹ ਆਪਣੇ ਦਿਲ-ਲੁਮੀਨਾਤੀ ਟੂਰ ਅਤੇ ਕੰਸਰਟ ਨੂੰ ਲੈ ਕੇ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਹਨ। ਇਸ ਦੌਰਾਨ ਉਨ੍ਹਾਂ ਨੇ ਅੱਜ ਆਪਣਾ ਇੱਕ ਗੀਤ ਵੀ ਰਿਲੀਜ਼ ਕੀਤਾ ਹੈ, ਜਿਸ ਨੂੰ ਇਨ੍ਹਾਂ ਵਿਵਾਦਾਂ ਨਾਲ ਜੋੜਿਆ ਜਾ ਰਿਹਾ ਹੈ। ਗੀਤ ਦੇ ਬੋਲ ਹਨ- ਮੈਂ ਫਿਰਾਂ ਆਸਮਾਨੀ, ਮੈਂਨੂੰ ਧਰਤੀ ਤੇ ਦੱਸਦਾ ਆ। ਦੱਸ ਦਈਏ ਕਿ ਗਲੋਬਲ ਸਟਾਰ ਦਿਲਜੀਤ ਦੋਸਾਂਝ ਦੇ ਪੰਜਾਬ ਵਾਲੇ ਸ਼ੋਅ ਯਾਨੀਕਿ ਚੰਡੀਗੜ੍ਹ ਵਾਲੇ ਸ਼ੋਅ ਨੂੰ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹਰੀ ਝੰਡੀ ਮਿਲ ਗਈ ਸੀ। ਇਹ ਪਟੀਸ਼ਨ ਸੈਕਟਰ-23 ਦੇ ਰਹਿਣ ਵਾਲੇ ਰਣਜੀਤ ਸਿੰਘ ਵੱਲੋਂ ਪਾਈ ਗਈ ਹੈ। ਪਟੀਸ਼ਨ ‘ਚ ਕੰਸਰਟ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ।
ਹਾਲਾਂਕਿ ਅਦਾਲਤ ਨੇ ਸ਼ੋਅ ਦੇ ਪ੍ਰਬੰਧਕਾਂ ‘ਤੇ ਕੁਝ ਸ਼ਰਤਾਂ ਵੀ ਲਗਾਈਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਦੇ ਸੈਕਟਰ-34 ਵਿੱਚ ਪ੍ਰਦਰਸ਼ਨ ਦੌਰਾਨ ਆਵਾਜ਼ 75 ਡੈਸੀਬਲ (ਡੀਬੀ) ਤੋਂ ਉੱਪਰ ਨਹੀਂ ਜਾਣੀ ਚਾਹੀਦੀ। ਇਸ ਤੋਂ ਇਲਾਵਾ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸੰਗੀਤ ਸਮਾਰੋਹ ਦਾ ਆਖਰੀ ਸਮਾਂ ਰਾਤ 10 ਵਜੇ ਤੱਕ ਹੀ ਹੋਵੇਗਾ। ਇਸ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ। ਹਾਈਕੋਰਟ ਨੇ ਇਹ ਹੁਕਮ ਸਮਾਰੋਹ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ।
ਹਾਈਕੋਰਟ ‘ਚ ਕਿਹੜੇ-ਕਿਹੜੇ ਮੁੱਦੇ ਉਠਾਏ ਗਏ
ਦੱਸ ਦੇਈਏ ਕਿ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ਵਿੱਚ ਹੋਣ ਵਾਲਾ ਸ਼ੋਅ ਰੱਦ ਕਰਨ ਦੀ ਮੰਗ ਸੈਕਟਰ-23 ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਕੀਤੀ ਸੀ। ਉਸ ਨੇ ਵੀਰਵਾਰ ਨੂੰ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਦਿਲਜੀਤ ਦੇ ਸ਼ੋਅ ਨਾਲ ਸ਼ਹਿਰ ‘ਚ ਟ੍ਰੈਫਿਕ ਵਿਵਸਥਾ ‘ਚ ਵਿਘਨ ਪਵੇਗਾ। ਪ੍ਰਸ਼ਾਸਨ ਦੇ ਵਕੀਲ ਨੇ ਇਸ ਦਾ ਜਵਾਬ ਦਿੱਤਾ। ਦੁਨੀਆ ਭਰ ‘ਚ ਇਤਿਹਾਸ ਰਚਣ ਤੋਂ ਬਾਅਦ ਦਿਲਜੀਤ ਹੁਣ ਭਾਰਤ ‘ਚ ਵੀ ਧਮਾਲ ਮਚਾ ਰਹੇ ਹਨ। ਦਿੱਲੀ ਵਿੱਚ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਧੁਨਾਂ ‘ਤੇ ਨੱਚਾਉਣ ਤੇ ਜੈਪੁਰ, ਹੈਦਰਾਬਾਦ, ਲਖਨਊ ਅਤੇ ਇੰਦੌਰ ਵਿੱਚ ਸਫਲ ਸ਼ੋਅ ਕਰਨ ਤੋਂ ਬਾਅਦ, ਦਿਲਜੀਤ ਚੰਡੀਗੜ੍ਹ ਵਿੱਚ ਇੱਕ ਸ਼ੋਅ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਉਹ ਮੁੰਬਈ ਅਤੇ ਫਿਰ ਗੁਹਾਟੀ ‘ਚ ਵੀ ਪਰਫਾਰਮ ਕਰਨ ਜਾ ਰਹੇ ਹਨ।







Leave a Reply