ਪਰਵਾਸੀ ਪੰਜਾਬੀ ਲੇਖਿਕਾ ਨੀਲਮ ਲਾਜ ਸੈਣੀ ਨਾਲ ਰੂਬਰੂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਮਿਤੀ 24-02-2025 ਨੂੰ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪਰਵਾਸੀ ਪੰਜਾਬੀ ਲੇਖਿਕਾ ਲਾਜ ਨੀਲਮ ਸੈਣੀ ਨੇ ਵਿਭਾਗ ਦੇ ਅਧਿਆਪਕਾਂ, ਖੋਜ-ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨਾਲ ਪਰਵਾਸੀ ਪੰਜਾਬੀ ਸਾਹਿਤ ਅਤੇ ਆਪਣੀ ਸਿਰਜਨ ਪ੍ਰਕਿਰਿਆ ਸਬੰਧੀ ਮੁੱਲਵਾਨ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉੱਤੇ ਸਭ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਮਹਿਮਾਨ ਦਾ ਪੌਦੇ ਭੇਟ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਅਮਰੀਕਾ ਨਾ ਸਿਰਫ਼ ਆਰਥਿਕ ਸਗੋਂ ਸਗੋਂ ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਦਾ ਵੀ ਦੁਨੀਆ ਭਰ ਵਿੱਚ ਕੇਂਦਰ ਬਣਿਆ ਹੋਇਆ ਹੈ। ਇਸ ਪ੍ਰਸੰਗ ਵਿੱਚ ਨੀਲਮ ਲਾਜ ਸੈਣੀ ਦੀ ਰਚਨਾ ਅਮਰੀਕਾ ਵਿਚਲੇ ਪੰਜਾਬੀਆਂ ਦੇ ਮਾਨਸਿਕ ਦਵੰਦ ਨੂੰ ਪਕੜਨ ਦੀ ਕੋਸ਼ਿਸ਼ ਕਰਦੀ ਹੈ। ਇਸ ਉਪਰੰਤ ਨੀਲਮ ਲਾਜ ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਪੈਦਾਇਸ਼ 25 ਅਗਸਤ 1966 ਦੀ ਹੈ ਅਤੇ ਉਨ੍ਹਾਂ ਨੇ 1997 ਈ. ਪਰਵਾਸ ਧਾਰਨ ਕੀਤਾ। ਉਨ੍ਹਾਂ ਹਮੇਸ਼ਾਂ ਇਹ ਕੋਸ਼ਿਸ਼ ਕੀਤੀ ਹੈ ਕਿ ਨਾਂਹਮੁਖੀ ਰੁਚੀਆਂ ਦਾ ਤਿਆਗ ਕਰ ਕੇ ਹਾਂਮੁਖੀ ਰੁਚੀਆਂ ਨੂੰ ਅਪਣਾਇਆ ਜਾਵੇ।

ਇਹ ਨਿਸ਼ਚਿਤ ਰੂਪ ਵਿੱਚ ਚਿੰਤਾ ਦਾ ਵਿਸ਼ਾ ਹੈ ਕਿ ਅਜੋਕੇ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਅਤੇ ਵਿਰਸੇ ਨਾਲੋਂ ਟੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਨਾਵਲ ਅਲਵਿਦਾ ਕਦੇ ਵੀ ਨਹੀਂ ਆਪਣੇ ਜੀਵਨ ਸਾਥੀ ਲਾਜ ਸੈਣੀ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਆਪਣੇ ਪਰਵਾਸੀ ਜੀਵਨ ਦੌਰਾਨ ਹਰਫ਼ਾਂ ਦੀ ਡੋਰ, ਅਕਸ, ਉਧਾਰੇ ਪਲਾਂ ਦੀ ਦਾਸਤਾਨ, ਕਾਨੀ ਨੂੰ ਲਵਾਦੇ ਘੁੰਗਰੂ, ਲਟ ਲਟ ਬਲਦਾ ਦੀਵਾ ਆਦਿ ਪੁਸਤਕਾਂ ਦੀ ਰਚਨਾ ਕੀਤੀ। ਇਸ ਮੌਕੇ ਉੱਤੇ ਕਈ ਸਰੋਤਿਆਂ ਨੇ ਉਹਨਾਂ ਨਾਲ ਸੰਵਾਦ ਵੀ ਰਚਾਇਆ। ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਕੌਰ ਰਿਆੜ ਨੇ ਬਾਖ਼ੂਬੀ ਨਿਭਾਈ। ਉਨ੍ਹਾਂ ਲੇਖਿਕਾ ਦੀ ਰਚਨਾ ਬਾਰੇ ਕਿਹਾ ਉਨ੍ਹਾਂ ਦੀ ਸਿਰਜਣਾ ਲੋਕਧਾਰਾ ਨਾਲ ਡੂੰਘੇ ਰੂਪ ਵਿੱਚ ਜੁੜੀ ਹੋਈ ਹੈ। ਇਸ ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀਮਤੀ ਅਰਤਿੰਦਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨੀਲਮ ਅਮਰੀਕਾ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਸਾਰਥਕ ਭੂਮਿਕਾ ਨਿਭਾ ਰਹੇ ਹਨ। ਇਸ ਰੂਬਰੂ ਪ੍ਰੋਗਰਾਮ ਵਿੱਚ ਡਾ. ਮੇਘਾ ਸਲਵਾਨ, ਡਾ. ਰਾਜਵਿੰਦਰ ਕੌਰ,ਡਾ. ਜਸਪਾਲ ਸਿੰਘ,ਡਾ. ਚੰਦਨਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *