ਲੁਧਿਆਣਾ (ਅਨਿਲ) : ਟ੍ਰਾਂਸਪੋਰਟ ਨਗਰ ਸਥਿਤ ਪੂਰਬੀ ਸਬ-ਰਜਿਸਟ੍ਰਾਰ ਦਫਤਰ ਦੇ ਸਾਬਕਾ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਲੁਧਿਆਣਾ ਵਿਚ ਜਗਰਾਓਂ ਦੀ ਕੀਤੀ ਗਈ ਰਜਿਸਟਰੀ ਦੀ ਸ਼ਿਕਾਇਤ ਤੋਂ ਬਾਅਦ ਤਹਿਸੀਲਦਾਰ ਰਣਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਸੈਕਟਰੀ (ਐੱਫ.ਸੀ.ਆਈ.) ਅਨੁਰਾਗ ਵਰਮਾ ਵੱਲੋਂ ਟ੍ਰਾਂਸਪੋਰਟ ਨਗਰ ਸਥਿਤ ਪੂਰਬੀ ਸਬ ਰਜਿਸਟ੍ਰਾਰ ਦਫਤਰ ਵਿਚ ਆ ਕੇ ਸਰਪ੍ਰਾਇਜ਼ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਅਨੁਰਾਗ ਵਰਮਾ ਵੱਲੋਂ ਤਹਿਸੀਲ ਵਿਚ ਹੋਈਆਂ ਸਾਰੀਆਂ ਰਜਿਸਟਰੀਆਂ ਦੀ ਚੈਕਿੰਗ ਕੀਤੀ ਗਈ ਅਤੇ ਤਹਿਸੀਲ ਵਿਚ ਮੌਜੂਦ ਲੋਕਾਂ ਤੋਂ ਪੁੱਛਗਿਛ ਕੀਤੀ ਗਈ। ਮੁੱਖ ਸੈਕਟਰੀ ਅਨੁਰਾਗ ਵਰਮਾ ਵੱਲੋਂ ਤਹਿਸੀਲ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਤਹਿਸੀਲ ਵਿਚ ਰਜਿਸਟਰੀ ਕਰਵਾਉਣ ਆਏ ਲੋਕਾਂ ਤੋਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਬਾਰੇ ਪੁੱਛਗਿਛ ਕੀਤੀ ਗਈ।

ਅਨੁਰਾਗ ਵਰਮਾ ਨੇ ਦੱਸਿਆ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਨਿਰਦੇਸ਼ਾਂ ‘ਤੇ ਪੂਰਬੀ ਸਬ ਰਜਿਸਟ੍ਰਾਰ ਦਫਤਰ ਵਿਚ ਆ ਕੇ ਚੈਕਿੰਗ ਕੀਤੀ ਗਈ ਹੈ ਤਾਂ ਕਿ ਤਹਿਸੀਲ ਵਿਚ ਲੋਕਾਂ ਤੋਂ ਕੋਈ ਵਿਅਕਤੀ ਜ਼ਿਆਦਾ ਪੈਸੇ ਤਾਂ ਨਹੀਂ ਵਸੂਲ ਰਿਹਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਸਖ਼ਤ ਨਿਰਦੇਸ਼ ਹੈ ਕਿ ਤਹਿਸੀਲਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਐਲਾਨ ਕੀਤਾ ਹੈ। ਉਸ ਨੂੰ ਜ਼ਮੀਨੀ ਪੱਧਰ ’ਤੇ ਕਾਮਯਾਬ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਤਹਿਸੀਲ ਵਿਚ ਆਮ ਜਨਤਾ ਦੇ ਨਾਲ-ਨਾਲ ਵਕੀਲ ਭਾਈਚਾਰੇ ਤੋਂ ਸੁਝਾਅ ਲਏ ਗਏ ਹਨ ਜਿਸ ਨਾਲ ਤਹਿਸੀਲ ਦਾ ਪ੍ਰਬੰਧ ਹੋਰ ਜ਼ਿਆਦਾ ਸਹੀ ਤਰੀਕੇ ਨਾਲ ਸੁਧਾਰਿਆ ਜਾ ਸਕੇਗਾ।
ਉਨ੍ਹਾਂ ਨੇ ਕਿਹਾ ਕਿ ਪੂਰਬੀ ਤਹਿਸੀਲ ਵਿਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਵਿਚ ਜ਼ਮੀਨ ਵੇਚਣ ਅਤੇ ਖਰੀਦਣ ਵਾਲੇ ਦੇ ਮੋਬਾਈਲ ਨੰਬਰ ਦੇ ਨਾਲ-ਨਾਲ ਉਨ੍ਹਾਂ ਦੇ ਦਸਤਖ਼ਤ ਕਰਵਾਏ ਜਾ ਰਹੇ ਹਨ। ਇਸ ਮੌਕੇ ਮੁੱਖ ਸੈਕਟਰੀ ਅਨੁਰਾਗ ਵਰਮਾ ਵੱਲੋਂ ਫਰਦ ਕੇਂਦਰ ਦਾ ਵੀ ਨਿਰੀਖਣ ਕੀਤਾ ਗਿਆ, ਜਿਸ ਵਿਚ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੀ ਫਰਦ ਦੇਣ ਦਾ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਵੀ ਗੱਲ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੋਰਵਾਲ, ਸਬ ਰਜਿਸਟ੍ਰਾਰ ਪੂਰਬੀ ਪਰਮਪਾਲ ਸਿੰਘ, ਆਰ.ਸੀ. ਹਰੀਸ਼ ਕੁਮਾਰ, ਰੀਡਰ ਸ਼ਿਵ ਮਹਾਜਨ, ਅਰਜਨ ਕੁਮਾਰ ਆਦਿ ਲੋਕ ਹਾਜ਼ਰ ਸਨ।
ਮਹਾਨਗਰ ਦੀਆਂ ਸਾਰੀਆਂ ਤਹਿਸੀਲਾਂ ਵਿਚ ਰੋਜ਼ਾਨਾ 200 ਦੇ ਕਰੀਬ ਰਜਿਸਟਰੀਆਂ ਕੀਤੀਆਂ ਜਾਂਦੀਆਂ ਹਨ ਪਰ ਅੱਜ ਤੱਕ ਕਿਸੇ ਵੀ ਤਹਿਸੀਲ ਵਿਚ ਰਜਿਸਟਰੀ ਵਾਲੇ ਦਿਨ ਹੀ ਲੋਕਾਂ ਦੀਆਂ ਰਜਿਸਟਰੀਆਂ ਉਨ੍ਹਾਂ ਨੂੰ ਕਦੇ ਵੀ ਵਾਪਸ ਨਹੀਂ ਕੀਤੀਆਂ ਜਾਂਦੀਆਂ ਸਨ ਪਰ ਪੂਰਬੀ ਸਬ ਰਜਿਸਟ੍ਰਾਰ ਦਫਤਰ ਵਿਚ ਨਾਇਬ ਤਹਿਸੀਲਦਾਰ ਪਰਮਪਾਲ ਸਿੰਘ ਵੱਲੋਂ ਸੋਮਵਾਰ ਦੇ ਦਿਨ ਜਿੰਨੀਆਂ ਵੀ ਰਜਿਸਟਰੀਆਂ ਦੀ ਅਪਾਇੰਟਮੈਂਟ ਬੁਕ ਕੀਤੀ ਗਈ ਸੀ, ਉਨ੍ਹਾਂ ਸਾਰੀਆਂ ਰਜਿਸਟਰੀਆਂ ਨੂੰ ਤਸਦੀਕ ਕਰਨ ਤੋਂ ਬਾਅਦ ਲੋਕਾਂ ਨੂੰ ਉਸੇ ਦਿਨ ਵਾਪਸ ਕੀਤੀਆਂ ਗਈਆਂ ਹਨ ਜਿਸ ਨਾਲ ਅੱਜ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ ਕਿਉਂਕਿ ਜਿਹੜੇ ਲੋਕ ਤਹਿਸੀਲ ਵਿਚ ਰਜਿਸਟਰੀ ਕਰਵਾਉਣ ਲਈ ਆਉਂਦੇ ਸਨ। ਉਨ੍ਹਾਂ ਨੂੰ ਇਕ-ਇਕ ਹਫਤੇ ਬਾਅਦ ਰਜਿਸਟਰੀ ਵਾਪਸ ਕੀਤੀ ਜਾਂਦੀ ਸੀ ਪਰ ਪੂਰਬੀ ਤਹਿਸੀਲ ਵਿਚ ਅੱਜ ਇਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ ਜਿਸ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।







Leave a Reply