ਅਧਿਆਪਕਾਂ ਨੇ ਸਾੜੀਆਂ ਪੈਨਸ਼ਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ

ਸੰਗਰੂਰ (ਯਾਦਵਿੰਦਰ ਲਾਲੀ) : ਜ਼ਿਲ੍ਹੇ ਦੇ ਵੱਡੀ ਗਿਣਤੀ ਸਕੂਲਾਂ ਵਿੱਚ ਅੱਜ ਅਧਿਆਪਕਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ‘ਤੇ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੇ ਯੂਨੀਫਾਇਡ ਪੈਨਸ਼ਨ ਸਕੀਮ (ਯੂ.ਪੀ.ਐੱਸ.) ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਇਕਾਈ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਇਹ ਸਕੀਮ ਮੁਲਾਜ਼ਮਾਂ ਨਾਲ ਧੋਖਾ ਹੈ ਅਤੇ ਆਪਣਾ ਵੋਟ ਬੈਂਕ ਬਚਾਉਣ ਦੀ ਕੋਝੀ ਚਾਲ ਹੈ ਕਿਉਂਕਿ ਮੁਲਾਜ਼ਮ ਲੰਮੇ ਸਮੇਂ ਤੋਂ ਨਵੀਂ ਪੈਨਸ਼ਨ ਸਕੀਮ (ਐੱਨ.ਪੀ.ਐੱਸ.) ਦਾ ਵਿਰੋਧ ਕਰ ਰਹੇ ਸਨ ਅਤੇ ਕੇਂਦਰ ਸਰਕਾਰ ਨੂੰ ਚੋਣਾਂ ਵਿੱਚ ਇਸਦਾ ਨੁਕਸਾਨ ਝੱਲਣਾ ਪੈ ਰਿਹਾ ਸੀ। ਇਸ ਲਈ ਉਸਨੇ ਇਸ ਤਿਕੜਮ ਦੇ ਜਰੀਏ ਮੁਲਾਜ਼ਮਾਂ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈਸ ਸਕੱਤਰ ਜਸਬੀਰ ਨਮੋਲ ਅਤੇ ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ ਨੇ ਕਿਹਾ ਕਿ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਕਰ ਰਹੇ ਸਨ, ਜਿਸ ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਤਾ-ਉਮਰ ਕੀਤੀ ਸਰਕਾਰੀ ਸੇਵਾ ਦੇ ਬਦਲੇ ਮਾਨ-ਸਨਮਾਨ ਨਾਲ ਆਪਣਾ ਬੁਢਾਪਾ ਕੱਟਣ ਲਈ ਪੈਨਸ਼ਨ ਦਿੱਤੀ ਜਾਂਦੀ ਸੀ ਅਤੇ ਉਨ੍ਹਾਂ ਦੀ ਤਨਖ਼ਾਹ ਵਿੱਚੋਂ ਮਹੀਨਾਵਾਰ ਕੱਟਿਆ ਜਾਂਦਾ ਪੈਸਾ ਪ੍ਰਾਵੀਡੈਂਟ ਫੰਡ ਦੇ ਰੂਪ ਵਿੱਚ ਸੇਵਾ ਮੁਕਤੀ ‘ਤੇ ਉਨ੍ਹਾਂ ਨੂੰ ਵਾਪਿਸ ਕਰ ਦਿੱਤਾ ਜਾਂਦਾ ਸੀ ਪਰ ਯੂ.ਪੀ.ਐੱਸ. ਵਿੱਚ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਕੱਟੇ ਜਾਂਦੇ ਪੈਸਿਆਂ ਨੂੰ ਪੈਨਸ਼ਨ ਫੰਡ ਦੇ ਤੌਰ ‘ਤੇ ਇਕੱਠਾ ਕਰਕੇ ਬਜ਼ਾਰ ਵਿੱਚ ਲਾਉਣ ਤੋਂ ਜੋ ਮੁਨਾਫ਼ਾ ਹੋਵੇਗਾ, ਉਸ ਨੂੰ ਹੀ ਮਹੀਨਾਵਾਰ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਵੇਗਾ।

ਭਾਵ ਪੈਨਸ਼ਨ ਫੰਡ ਦਾ ਪੈਸਾ ਮੁਲਾਜ਼ਮ ਨੂੰ ਨਹੀਂ ਮਿਲੇਗਾ ਅਤੇ ਆਪਣੀ ਸੇਵਾ ਮੁਕਤੀ ‘ਤੇ ਉਸ ਨੂੰ ਖਾਲੀ ਹੱਥ ਘਰ ਜਾਣਾ ਪਵੇਗਾ। ਆਗੂਆਂ ਨੇ ਕਿਹਾ ਕਿ ਇਹ ਸਕੀਮ ਮੁਲਾਜ਼ਮਾਂ ਦੀ ਭਲਾਈ ਵੱਲ ਘੱਟ ਅਤੇ ਪੂੰਜੀਪਤੀਆਂ ਦੀ ਭਲਾਈ ਵੱਲ ਵੱਧ ਕੇਂਦਰਿਤ ਹੈ ਕਿਉਂਕਿ ਇਸ ਸਕੀਮ ਅਧੀਨ ਮੁਲਾਜ਼ਮ ਦੀ ਮਹੀਨਾਵਾਰ ਤਨਖਾਹ ਵਿੱਚੋਂ ਕੱਟੇ ਪੈਸਿਆਂ ਦੇ ਨਾਲ-ਨਾਲ ਇਸ ਤੋਂ 4 ਫ਼ੀਸਦੀ ਵੱਧ ਪੈਸੇ ਸਰਕਾਰ ਆਪਣੇ ਕੋਲੋਂ ਪਾ ਕੇ ਬਜ਼ਾਰ ਵਿੱਚ ਲਾਵੇਗੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਰੱਦ ਕਰਕੇ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ 1972 ਦੇ ਨਿਯਮਾਂ ਮੁਤਾਬਿਕ ਮਿਲਦੀ ਪੁਰਾਣੀ ਪੈਨਸ਼ਨ ਸਕੀਮ ਹੂ-ਬ-ਹੂ ਦੇਵੇ ਅਤੇ ਨਵੰਬਰ 2022 ਵਿੱਚ ਦੋ ਸਾਲਾਂ ਤੋਂ ਵੱਧ ਸਮਾਂ ਪਹਿਲਾਂ ਇਸ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰੇ ਅਤੇ ਮੁਲਜ਼ਮਾ ਦੇ ਜੀ.ਪੀ.ਐੱਫ. (ਜਨਰਲ ਪ੍ਰਾਵੀਡੈਂਟ ਫੰਡ) ਦੇ ਖਾਤੇ ਖੋਲ੍ਹੇ ਨਹੀਂ ਤਾਂ ਇਸਨੂੰ ਮੁਲਾਜ਼ਮਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਨੁਕਸਾਨ ਵੀ ਝੱਲਣਾ ਪਵੇਗਾ। ਆਗੂਆਂ ਨੇ ਜਾਣਕਾਰੀ ਦਿੱਤੀ ਕਿ ਅੱਜ ਲੌਂਗੋਵਾਲ,ਸ਼ੇਰੋਂ, ਘੋੜੇਨਬ,ਦੁੱਗਾਂ,ਤੋਗਾਵਾਲ ਤਕੀਪੁਰ,ਮੂਲੋਵਾਲ,ਟਿੱਬਾ,ਦਿਆਲਗੜ੍ਹ,ਢੱਡਰੀਆਂ,ਝਾੜੋਂ,ਮਾਡਲ ਟਾਊਨ ਸ਼ੇਰੋਂ,ਸੁਨਾਮ,ਘਾਬਦਾਂ ਆਦਿ ਦੇ ਸਕੂਲਾਂ ਸਮੇਤ ਅਨੇਕਾਂ ਹੋਰ ਸਕੂਲਾਂ ਵਿੱਚ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।

Leave a Reply

Your email address will not be published. Required fields are marked *