ਭੋਗਪੁਰ (ਰਾਣਾ ਭੋਗਪੁਰੀਆ) : ਬੀਤੀ ਦੇਰ ਰਾਤ ਪਿੰਡ ਕਾਲਾ ਬੱਕਰਾ ਵਿਖੇ ਦੁਆਬੇ ਦੀ ਨਾਮਵਰ ਕਿਸਾਨ ਜਥੇਬੰਦੀ ਦੇ ਕਿਸਾਨ ਆਗੂ ਦੀ ਸੈਡ ਵਿੱਚ ਕੰਬਾਈਨ, ਟਰੈਕਟਰ ਸਮੇਤ ਖੜ੍ਹੇ ਚਾਰ ਹੋਰ ਵਾਹਨਾਂ ਨੂੰ ਅੱਗ ਲਗਾਏ ਜਾਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਪੁੱਤਰ ਸੇਵਾ ਸਿੰਘ ਨਿਵਾਸੀ ਕਾਲਾ ਬੱਕਰਾ ਜੋ ਕਿਸਾਨ ਆਗੂ ਅਤੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਮਿੰਟਾ ਦੇ ਭਰਾ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਪਿੰਡ ਦੇ ਬਾਹਰ ਫਾਰਮ ਹਾਊਸ ‘ਤੇ ਸ਼ੈਡ ਵਿੱਚ ਖੜ੍ਹੇ ਵਾਹਨਾਂ ਅਤੇ ਹੋਰ ਸਮਾਨ ਦੀ ਸੇਫਟੀ ਲਈ ਸ਼ੈਡ ਨਜ਼ਦੀਕ ਬਣੇ ਕਮਰੇ ਵਿੱਚ ਸੌ ਰਿਹਾ ਸੀ।

ਬੀਤੀ ਰਾਤ 2 ਵਜੇ ਦੇ ਕਰੀਬ ਖੜਕੇ ਦੌਰਾਨ ਉਸ ਦੀ ਜਾਗ ਖੁੱਲ੍ਹ ਗਈ ਅਤੇ ਉਸ ਨੇ ਦੇਖਿਆ ਕਿ ਪੰਜ ਹਥਿਆਰਬੰਦ ਵਿਅਕਤੀ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਫੜ੍ਹੇ ਹੋਏ ਸਨ ਅਤੇ ਸ਼ੈਡ ਵਿੱਚ ਖੜੀ ਇੱਕ ਕੰਬਾਈਨ, ਇੱਕ ਪਿੱਕਾ ਗੱਡੀ, ਦੋ ਮੋਟਰਸਾਈਕਲ ਅਤੇ ਦੋ ਟਰੈਕਟਰਾਂ ਨੂੰ ਅੱਗ ਲੱਗੀ ਹੋਈ ਸੀ। ਉਸ ਨੇ ਪੁਲਸ ਦੀ ਹਾਜ਼ਰੀ ‘ਚ ਦੱਸਿਆ ਕਿ ਪਿੰਡ ਦੇ ਹੀ ਚਰਨ ਕਮਲ ਅਤੇ ਲਾਲੀ ਨਾਮ ਦੇ ਵਿਅਕਤੀਆਂ ਨੇ ਅਣਪਛਾਤੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਸੂਚਨਾ ਮਿਲਣ ‘ਤੇ ਆਦਮਪੁਰ ਦੇ ਡੀ.ਐੱਸ.ਪੀ. ਕੁਲਵੰਤ ਸਿੰਘ ਅਤੇ ਐੱਸ.ਐੱਚ.ਓ. ਯਾਦਵਿੰਦਰ ਸਿੰਘ ਪੁਲਸ ਪਾਰਟੀਆਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਨੇੜੇ ਰਹਿੰਦੇ ਲੋਕਾਂ ਕੋਲੋਂ ਪੁੱਛ ਗਿਛ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਡੀ.ਐੱਸ.ਪੀ. ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਜ਼ਦੀਕੀ ਲੱਗੇ ਸੀ.ਸੀ. ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਘਟਨਾ ਨੂੰ ਅੰਜਾਮ ਦੇਣ ਉਪਰੰਤ ਪੰਜੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਜਦੋਂ ਉਸ ਨੇ ਰੋਲਾ ਪਾਇਆ ਤਾਂ ਪ੍ਰਵਾਸੀ ਮਜ਼ਦੂਰ ਜੋ ਸ਼ੈਡ ਦੇ ਨਜ਼ਦੀਕ ਹੀ ਬਣੇ ਹੋਰ ਕਮਰਿਆਂ ‘ਚ ਸੁੱਤੇ ਹੋਏ ਸਨ, ਨੂੰ ਆਵਾਜ਼ਾਂ ਮਾਰ ਕੇ ਜਗਾਇਆ ਅਤੇ ਨਾਲ ਮਿਲ ਕੇ ਵਾਹਨਾਂ ਨੂੰ ਲੱਗੀ ਹੋਈ ਅੱਗ ‘ਤੇ ਕਾਬੂ ਪਾਇਆ। ਉਸ ਨੇ ਦੱਸਿਆ ਕਿ ਅੱਗ ਲੱਗਣ ਨਾਲ ਕੰਬਾਈਨ, ਪਿਕਾ ਗੱਡੀ, ਦੋ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਏ ਅਤੇ ਦੋ ਟਰੈਕਟਰ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਸਬੰਧੀ ਉਨ੍ਹਾਂ ਥਾਣਾ ਭੋਗਪੁਰ ਵਿਖੇ ਇਸ ਘਟਨਾ ਦੀ ਸੂਚਨਾ ਦਿੱਤੀ।

ਇਸ ਸਬੰਧੀ ਐੱਸ.ਐੱਚ.ਓ.ਯਾਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਪੁੱਤਰ ਸੇਵਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕੁਲਵੰਤ ਸਿੰਘ ਪੁੱਤਰ ਅਜੀਤ ਸਿੰਘ ਚਰਨ ਕਮਲ ਪੁੱਤਰ ਦਲਵੀਰ ਸਿੰਘ ਨਿਵਾਸੀ ਕਾਲਾ ਬੱਕਰਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵੱਖ-ਵੱਖ ਪਹਿਲੂਆਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।










Leave a Reply