ਬਟਾਲਾ (ਮਠਾਰੂ) : ਪਿੰਡ ਭਾਗੋਵਾਲ ਨਜ਼ਦੀਕ ਬਟਾਲਾ ਦੇ ਜੰਪਪਲ ਜੋਗਰਾਜ ਸਿੰਘ ਕਾਹਲੋਂ ਫਰਜੰਦ ਗੁਰਇੰਦਰ ਸਿੰਘ ਸ਼ਾਹ ਦੇ ਹੋਣਹਾਰ ਸਪੁੱਤਰ ਅਤੇ ਉੱਘੇ ਸਮਾਜ ਸੇਵੀ ਰੁਪਿੰਦਰ ਸਿੰਘ ਸ਼ਾਮਪੁਰਾ ਦੇ ਦਮਾਦ ਨੂੰ ਕੈਨੇਡਾ ਸਰਕਾਰ ਵੱਲੋਂ ਬਹੁਤ ਹੀ ਅਹਿਮ ਅਤੇ ਜ਼ਿਮੇਵਾਰ ਅਹੁਦਾ ਦਿੰਦਿਆਂ 43ਵੀਂ ਵਿਧਾਨ ਸਭਾ ਬੀ.ਸੀ. ਕੈਨੇਡਾ ਦੇ ਕੰਜਰਵੇਟਿਵ ਪਾਰਟੀ ਦਾ ਕਮਿਊਨੀਕੇਸ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਵੱਡੀ ਗਿਣਤੀ ʼਚ ਬੀ.ਸੀ ʼਚ ਵੱਸ ਰਹੇ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਕੇ ਉਸ ਨੂੰ ਵਿਧਾਨ ਸਭਾ ʼਚ ਪਹੁੰਚਾਉਣ ʼਚ ਅਹਿਮ ਯੋਗਦਾਨ ਨਿਭਾਉਣਗੇ। ਜ਼ਿਕਰਯੋਗ ਹੈ ਕਿ ਜੋਗਰਾਜ ਸਿੰਘ ਕਾਹਲੋਂ ਪਿਛਲੇ ਪੰਜ ਸਾਲਾਂ ਤੋਂ ਇੱਕ ਨਾਮਵਰ ਅਦਾਰਾ ਪ੍ਰਾਈਮ ਏਸ਼ੀਆ ਕੈਨੇਡਾ ਦੇ ਮੁੱਖ ਦਫਤਰ ʼਚ ਹੋਸਟ ਵਜੋਂ ਕੰਮ ਕਰ ਰਹੇ ਹਨ। ਜੋਗਰਾਜ ਕਾਹਲੋਂ ਪਹਿਲੇ ਅਜਿਹੇ ਸ਼ਖਸ਼ ਹਨ, ਜੋ ਕੈਨੇਡਾ ਦੀ ਧਰਤੀ “ਤੇ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਮਕੈਨੀਕਲ ਇੰਜੀਨੀਅਰ ਬਣ ਕੇ ਇਸ ਮਾਣਮੱਤੇ ਅਹੁਦੇ ਤੱਕ ਪਹੁੰਚੇ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਹਨ ਰਮਟੈਡ ਨੇ ਕੀਤਾ। ਇਸ ਮੌਕੇ ਜੋਤੀ ਟੂਰ ਐੱਮ.ਐੱਲ.ਏ, ਐੱਮ.ਐੱਲ.ਏ ਮਨਦੀਪ ਧਾਲੀਵਾਲ, ਐੱਮ.ਐੱਲ.ਏ ਹਰਮਨ ਭੰਗੂ ਕੈਨੇਡਾ ਤੇ ਹੋਰ ਵੀ ਆਗੂਆਂ ਨੇ ਜੋਗਰਾਜ ਸਿੰਘ ਨੂੰ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ʼਚ ਇਹ ਵੱਡੀ ਜਿੰਮੇਵਾਰੀ ਮਿਲਣ “ਤੇ ਵਧਾਈ ਦਿੱਤੀ, ਉੱਥੇ ਨਾਲ ਹੀ ਉਨ੍ਹਾਂ ਕਿਹਾ ਕਿ ਜੋਗਰਾਜ ਕਾਹਲੋਂ ਨੂੰ ਇਹ ਸਤਿਕਾਰਤ ਅਹੁਦਾ ਮਿਲਣ ਨਾਲ ਸਾਰੇ ਪੰਜਾਬੀ ਭਾਈਚਾਰੇ ਦਾ ਮਾਣ ਵਧਿਆ ਹੈ ਅਤੇ ਕੈਨੇਡਾ ਦੇ ਪੰਜਾਬੀ ਭਾਈਚਾਰੇ ʼਚ ਖੁਸ਼ੀ ਦੀ ਲਹਿਰ ਹੈ। ਇਸ ਦੌਰਾਨ ਜੋਗਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ, ਮਹਾਂਪੁਰਸ਼ਾਂ ਦੀ ਅਸੀਸਾਂ ਅਤੇ ਪੰਜਾਬੀ ਭਾਈਚਾਰੇ ਦੇ ਅਥਾਹ ਪਿਆਰ ਸਦਕਾ ਉਨ੍ਹਾਂ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ ਅਤੇ ਉਹ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਕੇ ਵਿਚਰਨਗੇ।







Leave a Reply