ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲੇ ਚੌੜਾ ਦੀ ਪਤਨੀ ਆਈ ਮੀਡੀਆ ਸਾਹਮਣੇ

ਸੁਖਬੀਰ ਸਿੰਘ ਬਾਦਲ ‘ਤੇ ਗੋਲ਼ੀ ਚਲਾ ਕੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਦਾ ਪਤਨੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਸਾਹਮਣੇ ਆ ਕੇ ਨਾਰਾਇਣ ਸਿੰਘ ਚੌੜਾ ਦੀ ਪਤਨੀ ਨੇ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਕਰੀਬ 10.30 ਵਜੇ ਇਸ ਘਟਨਾ ਬਾਰੇ ਪਤਾ ਕਿਸੇ ਵੱਲੋਂ ਲੱਗਾ। ਉਨ੍ਹਾਂ ਨੇ ਕਿਹਾ ਕਿ ਨਾਰਾਇਣ ਸਿੰਘ ਚੌੜਾ ਘਰੋਂ ਕਰੀਬ ਪੌਨੇ ਕੁ 6 ਵਜੇ ਕਿਸੇ ਪ੍ਰੋਗਰਾਮ ‘ਤੇ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲੇ ਸਨ। ਮੈਨੂੰ ਨਹੀਂ ਪਤਾ ਸੀ ਉਹ ਸ੍ਰੀ ਹਰਿਮੰਦਰ ਸਾਹਿਬ ਗਏ ਹਨ। ਉਨ੍ਹਾਂ ਕਿਹਾ ਕਿ ਮੇਰੇ ਦੋ ਪੁੱਤਰ ਹਨ, ਜੋਕਿ ਦੋਵੇਂ ਵਕੀਲ ਹਨ। ਇਸ ਦੇ ਇਲਾਵਾ ਦੋ ਪੋਤਰੇ ਅਤੇ ਇਕ ਪੋਤਰੀ ਹੈ।

ਜਾਣੋ ਕੌਣ ਹੈ ਨਾਰਾਇਣ ਸਿੰਘ ਚੌੜਾ
ਨਾਰਾਇਣ ਸਿੰਘ ਚੌੜਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਿੰਡ ਚੌਰਾ ਦਾ ਵਸਨੀਕ ਹੈ। ਚੌੜਾ ਦੇ ਗਰਮਖਿਆਲੀ ਸੰਗਠਨਾਂ ਜਿਵੇਂ ਕਿ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਜੁੜੇ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ। ਉਸ ਦਾ ਜਨਮ 4 ਅਪ੍ਰੈਲ 1956 ਨੂੰ ਪਿੰਡ ਚੌਰਾ ਵਿੱਚ ਹੋਇਆ ਸੀ। 2013 ਵਿੱਚ ਚੌੜਾ ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਉਸਦੇ ਸਾਥੀਆਂ ਸੁਖਦੇਵ ਸਿੰਘ ਅਤੇ ਗੁਰਿੰਦਰ ਸਿੰਘ ਨੂੰ ਪੰਡੋਰੀ ਪਿੰਡ ਤੋਂ ਫੜਿਆ ਗਿਆ। ਪੁਲਸ ਨੇ ਮੁਹਾਲੀ ਦੇ ਪਿੰਡ ਕੁਰਾਲੀ ਤੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਬਰਾਮਦੀ ਦਾ ਦਾਅਵਾ ਵੀ ਕੀਤਾ।

ਉਸ ‘ਤੇ ਵਿਸਫੋਟਕ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਅਧੀਨ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਕਈ ਕੇਸ ਦਰਜ ਹਨ। ਚੌੜਾ 1984 ਵਿੱਚ ਪਾਕਿਸਤਾਨ ਚਲਾ ਗਿਆ ਸੀ, ਜਿਥੇ ਕਥਿਤ ਤੌਰ ‘ਤੇ ਉਸ ਨੇ ਗੁਰੀਲਾ ਯੁੱਧ ਦੀ ਤਿਆਰੀ ਅਤੇ ਹਥਿਆਰਾਂ ਦੀ ਤਸਕਰੀ ‘ਚ ਭਾਗ ਲਿਆ। ਪਾਕਿਸਤਾਨ ਰਹਿੰਦਿਆਂ, ਚੌੜਾ ਨੇ ਕਥਿਤ ਤੌਰ ‘ਤੇ ਗੁਰੀਲਾ ਯੁੱਧ ਅਤੇ “ਦੇਸ਼-ਧ੍ਰੋਹੀ” ਸਾਹਿਤ ‘ਤੇ ਕਿਤਾਬ ਵੀ ਲਿਖੀ। ਉਹ ਬੁੜੈਲ ਜੇਲ੍ਹ ਬਰੇਕ ਕੇਸ ਵਿੱਚ ਵੀ ਸ਼ਾਮਲ ਰਿਹਾ।

Leave a Reply

Your email address will not be published. Required fields are marked *