7 ਫਰਵਰੀ ਨੂੰ ਪੈਨਸ਼ਨਰਜ਼ ਕਰਨਗੇ ਸੰਗਰੂਰ ਡੀ.ਸੀ. ਦਫ਼ਤਰ ਸਾਹਮਣੇ ਰੈਲੀ ਤੇ ਇੱਕ ਦਿਨ ਦੀ ਭੁੱਖ ਹੜਤਾਲ

ਸੰਗਰੂਰ (ਯਾਦਵਿੰਦਰ ਲਾਲੀ) : ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਸੰਗਰੂਰ ਵਿਖੇ ਪੰਜਾਬ ਗੋਰਮਿੰਟ ਪੈਨਸ਼ਨਰਜ਼ ਸਾਂਝਾ ਫਰੰਟ ਸੰਗਰੂਰ ਦੇ ਕੰਨਵੀਨਰਾਂ ਸਰਵ ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਜਗਦੀਸ਼ ਸ਼ਰਮਾ ਸਰਪ੍ਰਸਤ ਪੰਜਾਬ ਰਾਜ ਪੈਨਸ਼ਨਰ ਮਹਾਂਸੰਘ, ਅਵਿਨਾਸ਼ ਸ਼ਰਮਾ ਪਾਵਰਕਾਮ ਪੈਨਸ਼ਨਰ ਐਸੀਏਸ਼ਨ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਗੋਰਮਿੰਟ ਪੈਨਸ਼ਨਰਜ਼ ਸਾਂਝੇ ਫਰੰਟ ਦੇ ਫ਼ੈਸਲੇ ਅਨੁਸਾਰ 07 ਫਰਵਰੀ ਨੂੰ 11 ਸਾਥੀਆਂ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਭੁੱਖ ਹੜਤਾਲ ਅਤੇ ਰੋਸ ਧਰਨਾ ਦੇ ਕੇ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਪੈਨਸ਼ਨਰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨ ਸੋਧ ਦਾ 2.59 ਦਾ ਗੁਣਾਂਕ ਅਸ਼ੰਕ ਸੋਧੀ ਪੈਨਸ਼ਨ ਅਤੇ ਬਕਾਏ, ਡੀ.ਏ. ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਦੇ ਬਕਾਏ, ਕੈਸ਼ਲੈਸ ਇਲਾਜ ਸਕੀਮ, ਮੈਡੀਕਲ ਭੱਤੇ ਵਾਧਾ ਆਦਿ ਮੰਗਾਂ ਦੀ ਪੂਰਤੀ ਕੀਤੀ ਜਾਵੇ। ਮੰਗਾਂ ਦੀ ਪੂਰਤੀ ਲਈ ਸੂਬਾ ਪਧਰ ‘ਤੇ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਹੈ।

ਜਿਸ ਦੌਰਾਨ 07 ਫਰਵਰੀ ਨੂੰ ਭੁੱਖ ਹੜਤਾਲ ਅਤੇ ਰੈਲੀ ਕਰਕੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਨੋਟਿਸ ਕਮ ਮੈਮੋਰੈਂਡਮ ਦਿੱਤਾ ਜਾਵੇਗਾ। ਆਗੂਆਂ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਸਮੁੱਚੇ ਪੈਨਸ਼ਨਰ ਸਾਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ 07 ਫਰਵਰੀ ਨੂੰ ਸਵੇਰੇ 10:00 ਵਜੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ। ਭੁੱਖ ਹੜਤਾਲ ਸਵੇਰੇ 10:00 ਵਜੇ ਆਰੰਭ ਹੋ ਜਾਵੇਗੀ, ਉਪਰੰਤ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ। ਇਸ ਉਪਰੰਤ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਬਜਟ ਸੈਸ਼ਨ ਨੂੰ ਮੁੱਖ ਰੱਖਦੇ ਹੋਏ ਫਰਵਰੀ ਮਹੀਨੇ ਦੇ ਅੰਤ ਤੱਕ ਕੀਤੀ ਜਾਵੇਗੀ। ਇਸ ਮੌਕੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਆਰ.ਐਲ.ਪਾਂਧੀ, ਸੰਗਰੂਰ ਯੂਨਿਟ ਦੇ ਪ੍ਰਧਾਨ ਸ੍ਰੀ ਭੁਪਿੰਦਰ ਸਿੰਘ ਜੱਸੀ, ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਸੁਰਿੰਦਰ ਸਿੰਘ ਸੋਢੀ, ਕਰਨੈਲ ਸਿੰਘ ਸੇਖੋਂ, ਆਲ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਵਾਲੀਆ, ਜਨਰਲ ਸਕੱਤਰ ਬਿਕਰ ਸਿੰਘ, ਖਜਾਨਚੰਦ, ਰਾਮ ਲਾਲ ਸ਼ਰਮਾ, ਬਿਜਲੀ ਬੋਰਡ ਦੇ ਜਰਨੈਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਨਸ਼ਨਰ ਮੌਜੂਦ ਸਨ।

Leave a Reply

Your email address will not be published. Required fields are marked *