ਸੰਗਰੂਰ (ਯਾਦਵਿੰਦਰ) : ਪਿਛਲੇ ਦਿਨੀ ਸ੍ਰੀ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਦਾ ਅਪਮਾਨ ਕਰਨ ਅਤੇ ਸੰਵਿਧਾਨ ਨੂੰ ਸਾੜਨ ਦੇ ਰੋਸ ਵਜੋਂ ਵੀਰਵਾਰ ਨੂੰ ਸੰਗਰੂਰ ਸ਼ਹਿਰ ਦੇ ਬਾਜ਼ਾਰ ਦੁਪਹਿਰ 12 ਵਜੇ ਤੱਕ ਮੁਕੰਮਲ ਤੌਰ ’ਤੇ ਬੰਦ ਰਹੇ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਵਲੋ ਸ਼ਹਿਰ ਵਿਚ ਰੋਸ ਮਾਰਚ ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਪਿਆ ਗਿਆ। ਇਸ ਬੰਦ ਦੌਰਾਨ ਵਪਾਰ ਮੰਡਲ ਵਲੋ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਉਨ੍ਹਾਂ ਆਪਣੇ ਕੰਮਕਾਜ ਬੰਦ ਕਰਦਿਆਂ ਦੁਕਾਨਾਂ ਬੰਦ ਰੱਖੀਆਂ। ਇਸ ਤੋਂ ਇਲਾਵਾ ਸੁਨਾਮੀ ਗੇਟ ਸਥਿਤ ਸਬਜੀ ਮੰਡੀ ਵੀ ਬੰਦ ਰੱਖੀ ਗਈਪਾਰ ਦੁਪਹਿਰ ਦੇ 12 ਵਜੇ ਤੋ ਬਾਅਦ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ ਗਏ।

ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ, ਰਵੀ ਚਾਵਲਾ ਪ੍ਰਧਾਨ ਭਗਵਾਨ ਵਾਲਮੀਕਿ ਰਾਮਾਇਣ ਭਵਨ ਸਰੋਵਰ, ਭਾਰਤ ਬੇਦੀ ਜ਼ਿਲ੍ਹਾ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਨਗਰ ਕੌਂਸਲ, ਸੁਰੇਸ਼ ਬੇਦੀ ਕੌਮੀ ਜਨਰਲ ਸਕੱਤਰ ਅੰਤਰਰਾਸ਼ਟਰੀ ਵਾਲਮੀਕਿ ਮਜ਼੍ਹਬੀ ਸਿੱਖ ਧਰਮ ਸਮਾਜ ਭਾਰਤ ਆਦਿ ਆਗੂਆਂ ਸਣੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਦੇਸ਼ ਦ੍ਰੋਹ ਦਾ ਮੁਕੱਦਮਾ ਦਰਜ ਕਰਵਾਉਣ ਦੀ ਮੰਗ ਨੂੰ ਲੈਕੇ ਪਟਿਆਲਾ ਗੇਟ ਰੋਸ ਪ੍ਰਦਰਸ਼ਨ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਦੀ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਦਰਸ਼ਨ ਸਿੰਘ ਕਾਂਗੜਾ, ਰਵੀ ਚਾਵਲਾ, ਸੁਰੇਸ਼ ਬੇਦੀ ਅਤੇ ਭਾਰਤ ਬੇਦੀ ਨੇ ਕਿਹਾ ਕਿ ਬਾਬਾ ਸਾਹਿਬ ਦੱਬੇ ਕੁੱਚਲੇ ਤੇ ਲਿਤਾੜੇ ਹੋਏ ਲੋਕਾਂ ਦੇ ਮਸੀਹਾ ਹਨ, ਜਿਨ੍ਹਾਂ ਦੇਸ਼ ਸੰਵਿਧਾਨ ਹੀ ਨਹੀਂ ਦਲਿਤਾਂ ਪੱਛੜੀਆਂ ਅਤੇ ਮਹਿਲਾਵਾਂ ਸਮੇਤ ਦੇਸ਼ ਦੇ ਹਰ ਨਾਗਰਿਕ ਦੀ ਕਿਸਮਤ ਲਿਖੀਂ ਹੈ। ਅਜਿਹੇ ਮਹਾਂ ਨਾਇਕ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਗਣਤੰਤਰ ਦਿਵਸ ਤੇ ਮਾੜੀ ਘਟਨਾ ਘਟੀ ਹੈ, ਉਹ ਵਿਅਕਤੀ ਦਾ ਕੰਮ ਨਹੀਂ, ਇਸ ਪਿੱਛੇ ਕੋਈ ਗਹਿਰੀ ਸਾਜ਼ਿਸ਼ ਹੋ ਸਕਦੀ ਹੈ, ਇਸ ਦੀ ਉਚ ਪੱਧਰੀ ਜਾਂਚ ਹੋਣੀ ਅਤਿ ਜ਼ਰੂਰੀ ਹੈ। ਤਾਂ ਜੋ ਰਹਿੰਦੇ ਦੋਸ਼ੀਆਂ ਨੂੰ ਵੀ ਸਜ਼ਾ ਮਿਲ ਸਕੇ। ਉਕਤ ਆਗੂਆਂ ਨੇ ਕਿਹਾ ਕਿ ਅਜਿਹੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਨ੍ਹਾਂ ਖ਼ਿਲਾਫ਼ ਐੱਨ.ਐੱਸ.ਏ. ਅਧੀਨ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਅੰਦੋਲਨ ਕੀਤਾ ਜਾਵੇਗਾ।
ਇਸ ਮੌਕੇ ਸੁਖਜਿੰਦਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ, ਵਪਾਰ ਮੰਡਲ ਵੱਲੋਂ ਜਸਵਿੰਦਰ ਸਿੰਘ ਪ੍ਰਿੰਸ, ਰਾਜੇਸ਼ ਥਰੇਜਾ ਅਤੇ ਅਮਰਜੀਤ ਸਿੰਘ ਟੀਟੂ, ਰੇਹੜੀ ਯੂਨੀਅਨ, ਸਬਜ਼ੀ ਮੰਡੀ, ਰਿਕਸ਼ਾ ਯੂਨੀਅਨ ਆਦਿ ਵੱਲੋਂ ਵੀ ਸਮਰਥਨ ਕੀਤਾ ਗਿਆ। ਇਸ ਮੌਕੇ ਅਜੈ ਬੇਦੀ ਪ੍ਰਧਾਨ, ਊਸ਼ਾ ਰਾਣੀ ਪ੍ਰਧਾਨ,ਮੁਕੇਸ਼ ਰਤਨਾਕਰ, ਰਮੇਸ਼ ਬੋਹਤ, ਬਾਲਕ੍ਰਿਸ਼ਨ ਚੌਹਾਨ, ਸ਼ਕਤੀਜੀਤ ਸਿੰਘ, ਰੌਕੀ ਬਾਂਸਲ ਬਲਾਕ ਪ੍ਰਧਾਨ ਕਾਂਗਰਸ,ਧਰਮਿੰਦਰ ਦੁੱਲਟ ਜ਼ਿਲ੍ਹਾ ਪ੍ਰਧਾਨ ਭਾਜਪਾ ਆਦਿ ਹਾਜ਼ਰ ਸਨ।







Leave a Reply