, ,

‘ਪੰਜਾਬ ਬੰਦ’ ਦੇ ਸੱਦੇ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ

ਸ਼ੰਭੂ ਅਤੇ ਖਨੌਰੀ ਮੋਰਚੇ ’ਤੇ ਐੱਮ.ਐੱਸ.ਪੀ. ਸਮੇਤ ਹੋਰ ਮੰਗਾਂ ਮਨਵਾਉਣ ਲਈ ਮੋਰਚਾ ਲਾਈ ਬੈਠੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਅਤੇ ਕਿਸਾਨੀ ਮੰਗਾਂ ਮਨਵਾਉਣ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਜ਼ਬਰਦਸਤ ਹੁੰਗਾਰਾ ਮਿਲਿਆ। ਅੱਜ ਪੰਜਾਬ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ 9 ਘੰਟੇ ਪੂਰਨ ਤੌਰ ’ਤੇ ਬੰਦ ਰਿਹਾ। ‘ਪੰਜਾਬ ਬੰਦ’ ਕਾਰਨ ਜਿਥੇ ਰੇਲਵੇ ਦੀਆਂ 163 ਤੋਂ ਵੱਧ ਗੱਡੀਆਂ ਰੱਦ ਹੋ ਗਈਆਂ, ਉੱਥੇ 700 ਤੋਂ ਵਧ ਬੱਸਾਂ ਦੇ ਰੂਟ ਵੀ ਬੰਦ ਰਹੇ। ਇਸ ਤੋਂ ਬਿਨ੍ਹਾਂ ਕਿਸਾਨਾਂ ਵੱਲੋਂ ਪੰਜਾਬ ਅੰਦਰ 250 ਤੋਂ ਵਧ ਥਾਵਾਂ ’ਤੇ ਧਰਨੇ ਪ੍ਰਦਰਸ਼ਨ ਕੀਤੇ ਗਏ, ਜਿਸ ਨਾਲ ਸੜਕੀ ਆਵਾਜਾਈ ’ਚ ਭਾਰੀ ਵਿਘਨ ਪਿਆ ਤੇ ਲੋਕਾਂ ਦੀ ਜਮ ਕੇ ਖੱਜਲ-ਖੁਆਰੀ ਹੋਈ। ਬੰਦ ਦੌਰਾਨ ਸਰਕਾਰੀ ਅਦਾਰੇ, ਅਰਧ-ਸਰਕਾਰੀ ਅਦਾਰੇ, ਪੰਜਾਬੀ ਯੂਨੀਵਰਸਿਟੀ, ਗੈਸ ਪੰਪ, ਪੈਟਰੋਲ ਪੰਪ, ਰੇਹੜੀਆਂ ਫੜੀਆਂ, ਸਬਜ਼ੀਆਂ ਲਗਾਉਣ ਵਾਲੀਆਂ ਮੰਡੀਆਂ, ਦੁੱਧ ਦੀਆਂ ਡੇਅਰੀਆਂ ਤੇ ਹੋਰ ਵਪਾਰਕ ਸੰਸਥਾਨ ਤੱਕ ਵੀ ਬੰਦ ਰਹੀਆਂ। ਸ਼ੰਭੂ ਅਤੇ ਖਨੌਰੀ ਮੋਰਚਿਆਂ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਬੰਦ ਨੂੰ ਸਮੂਹ ਪੰਜਾਬੀਆਂ ਵੱਲੋਂ ਮਿਲੇ ਹੁੰਗਾਰੇ ਨੇ ਸਾਬਿਤ ਕਰ ਦਿੱਤਾ ਹੈ ਕਿ ਸ਼ੰਭੂ, ਖਨੌਰੀ ਅਤੇ ਰਤਨਪੁਰਾ (ਰਾਜਸਥਾਨ) ਬਾਰਡਰਾਂ ’ਤੇ ਚੱਲ ਰਹੇ ਦਿੱਲੀ ਅੰਦੋਲਨ-2 ਦੀਆਂ ਮੰਗਾਂ ਨਾਲ 3 ਕਰੋੜ ਪੰਜਾਬੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਲੋਕ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਈ ਫ਼ਿਕਰਮੰਦ ਹਨ ਅਤੇ ਸਰਕਾਰ ਦੇ ਅੜੀਅਲ ਵਤੀਰੇ ਤੋਂ ਹੈਰਾਨ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ 23 ਜ਼ਿਲਿਆਂ ’ਚ 250 ਤੋਂ ਵੱਧ ਥਾਵਾਂ ’ਤੇ ਧਰਨੇ-ਪ੍ਰਦਰਸ਼ਨ ਕੀਤਾ ਗਏ। ਬਾਜ਼ਾਰਾਂ ਦੇ ਨਾਲ-ਨਾਲ ਸੜਕ ਮਾਰਗ ਅਤੇ ਰੇਲ ਮਾਰਗ ਵੀ ਜਾਮ ਰਹੇ। ਮੈਡੀਕਲ ਅਤੇ ਸਿਹਤ ਸੇਵਾਵਾਂ, ਵਿਆਹ-ਸ਼ਾਦੀਆਂ ਵਾਲੀਆਂ ਗੱਡੀਆਂ, ਜ਼ਰੂਰੀ ਇੰਟਰਵਿਊ ਲਈ ਜਾਣ ਵਾਲੇ ਜਾਂ ਵਿਦੇਸ਼ ਜਾਣ ਲਈ ਹਵਾਈ ਅੱਡੇ ਨੂੰ ਜਾਣ ਵਾਲੇ ਲੋਕਾਂ ਨੂੰ ਬੰਦ ਤੋਂ ਰਾਹਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੁਕਾਨਦਾਰਾਂ ਨੇ ਆਪਣੇ ਆਪ ਬਾਜ਼ਾਰਾਂ ਦੇ ਬਾਜ਼ਾਰ ਬੰਦ ਕਰ ਕੇ ਸਾਥ ਦਿੱਤਾ, ਉਸ ਤੋਂ ਸਾਬਿਤ ਹੋਇਆ ਹੈ ਕਿ ਲੋਕ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਤੇਜ਼ੀ ਨਾਲ ਸਮਝ ਰਹੇ ਹਨ। ਉਨ੍ਹਾਂ ਬੰਦ ਨੂੰ ਸਫਲ ਬਣਾਉਣ ’ਚ ਸਾਥ ਦੇਣ ਵਾਲੇ ਸਮੂਹ ਪੰਜਾਬੀਆਂ ਸਮੇਤ ਸਾਰੀਆਂ ਜਨਤਕ ਤੇ ਟਰੇਡ ਯੂਨੀਅਨਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਅਜਿਹਾ ਏਕਾ ਕੇਂਦਰ ਸਰਕਾਰ ਨੂੰ ਝੰਜੋੜਨ ਦਾ ਕੰਮ ਕਰੇਗਾ।

 

Leave a Reply

Your email address will not be published. Required fields are marked *